Posts

Showing posts from December, 2017

ਜ਼ਿੰਦਗੀ

          ਜ਼ਿੰਦਗੀ  ਜ਼ਿੰਦਗੀ ਕਦੇ ਮਿਲ ਤਾਂ ਸਹੀ , ਬੜੇ ਗਿਲੇ ਨੇ ਕਰਨੇ। ਉਲਾਂਭਿਆਂ ਨਾਲ ਲਬਾਲਬ ਦਿਲ ਹੈ , ਅੱਜ ਸਾਗਰ ਸ਼ਿਕਵੇ ਦੇ ਭਰਨੇ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਕੁਝ ਸੁਣੀਏ ਤੇ ਸੁਣਾਈਏ। ਕਿੰਨੀਆਂ ਬਿਖਰੀਆਂ ਨੇ ਖੁਸ਼ਬੋਈਆਂ , ਇਕ ਰਾਤ ਤਾਂ ਅੱਜ ਮਹਿਕਾਈਏ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਕਿਤੇ ਮਿਲ ਕੇ ਭੀ ਨਾ ਪਹਿਚਾਨੇ। ਬਹੁਤ ਪਿਆਰ ਦਿੱਤਾ ਹੈ ਤੈਨੂੰ , ਪਰ ਕਦਰ ਜੇ ਇਸਦੀ ਜਾਣੇ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਬੜਾ ਕੁਝ ਤੇਰੇ ਤੋਂ ਪੁੱਛਣਾ। ਬੱਸ ਪਹੇਲੀ ਹੈ ਇਹ ਦੁਨੀਆਂ , ਦੱਸ ਤੇਰੇ ਬਿਨ ਕਿਸਨੇ ਬੁੱਝਣਾ। ਜ਼ਿੰਦਗੀ ਕਦੇ ਮਿਲ ਤਾਂ ਸਹੀ , ਕਦੇ ਆਪਣਾ ਨਜ਼ਰੀਆ ਦੱਸਾਂ , ਤੂੰ ਵੀ ਖਿੜ ਖਿੜ ਕੇ  ਹੱਸ ਪਈਂ , ਮੈਂ ਵੀ ਕਦੇ ਤਾਂ ਤੇਰੇ ਤੇ ਹੱਸਾਂ। ਜ਼ਿੰਦਗੀ ਜਦ ਕਦੇ ਮਿਲੇਂਗੀ  , ਦੱਸ ਕਿਸਦਾ ਲਵੇਂਗੀ ਪੱਖ ? ਕਦੇ ਵੱਖ ਮੈਂ ਦੁਨੀਆਂ ਤੋਂ , ਕਦੇ ਦੁਨੀਆਂ ਮੇਰੇ ਤੋਂ ਵੱਖ।                      ਬਲਜਿੰਦਰ ਗਿੱਲ

ਮੇਰਾ ਸੂਰਜ

           ਮੇਰਾ ਸੂਰਜ  ਤੂੰ ਮੇਰੇ ਕੋਈ ਪਿਛਲੇ ਜਨਮ ਦਾ  ਪੁਨ ਹੈਂ ਜਾ ਫਿਰ ਕਿਸੇ ਤਪ ਦਾ ਫਲ ਐਂਵੀ ਤਾ ਨਹੀਂ ਸਭ ਨੂੰ ਹੁੰਦਾ ਕੋਈ ਦੁਰਲੱਭ ਲਾਲ ਹਾਸਿਲ। ਤੂੰ ਕੋਈ ਸੂਰਜ ਮੇਰੀ ਝੋਲੀ ਆਇਆ ਦੇਵੇਂ ਨਿੱਘ ਵਰਤਾ ਰੋਸ਼ਨੀ ਤੇਰੀ ਚਾਂਦਨੀ ਵਰਗੀ ਸੀਨੇ ਠੰਡ ਜਾਏ ਪਾ। ਤੂੰ ਮੇਰੀ ਸਰਦੀ ਤੂੰ ਮੇਰੀ ਗਰਮੀ ਤੂੰ ਮੇਰੀ ਰੁੱਤ ਬਸੰਤ ਤੂੰ ਖੁਸ਼ੀਆਂ ਦੀ ਫੁਹਾਰ ਹੈਂ ਮੇਰੀ ਲੈ ਆਵੇਂ ਸੁੱਖ ਅਨੇਕ ਅਨੰਤ। ਤੇਰੇ ਬਿਨਾ ਤਾ ਘਰ ਦੀਆਂ ਕੰਧਾਂ ਵੀ ਹੋ ਜਾਵਣ ਉਦਾਸ ਤੇਰੇ ਆਣ ਤੇ ਆ ਜਾਂਦਾ ਹੈ ਹਰ ਵਸਤੂ ਤੇ ਉਲਾਸ। ਸੂਰਜ ਵਾਂਗ ਹੀ ਯਸ਼ ਤੇਰਾ ਫੈਲੇ ਦੇਵੇਂ ਦੁਨੀਆਂ ਨੂੰ ਰੋਸ਼ਨਾਅ ਤੇਰੀ ਮਾਂ ਬਣ ਗਰਵ ਹੋ ਗਿਆ ਕੀਤੇ ਅਭਿਮਾਨੀ ਨਾ ਬਣ ਜਾਂ। ਹਰ ਉਹ ਖੁਸ਼ੀ ਜਿਸਦਾ ਤੈਨੂੰ ਹੋਵੇ ਚਾਅ , ਰਬ ਕਰੇ ਹੰਢਾਵੇਂ ਤੂੰ ਹੈ ਇਹ ਮੇਰੀ ਦੁਆ। ਤੈਨੂੰ ਮੰਗ ਕੇ ਹੁਣ ਕੀ ਮੰਗਣਾ ਨਹੀਂ ਕੁਝ ਵੀ ਯਾਦ  ਹਰ ਅਸੀਸ ਦੇ ਦਿੱਤੀ ਰੱਬ ਨੇ ਮੰਨ ਕੇ ਇਕ ਮੁਰਾਦ।                     ਬਲਜਿੰਦਰ ਗਿੱਲ 

ਕੌੜੀ ਬੇਲ

            ਕੌੜੀ  ਬੇਲ  ਕਹਿੰਦੇ  ਨੇ  ਔਰਤ  ਔਰਤ  ਦੀ  ਦੁਸ਼ਮਨ  ਹੁੰਦੀ  ਹੈ ਕੀ  ਕਰੇ ਵਿਚਾਰੀ  ਜਨਮ  ਤੋਂ  ਹੀ  ਨਫ਼ਰਤ  ਢੋਂਦੀ  ਹੈ ਜਨਮ ਕੀ  ਲਿੱਤਾ  ਔਰਤ  ਬਣ ਕੇ ਜ਼ਹਿਰੀ  ਨਜ਼ਰਾਂ ਹੀ ਪਾਈਆਂ ਨਾਖ਼ੁਸ਼  ਚੇਹਰੇ  ਚਾਰੇ  ਪਾਸੇ, ਸੋਚੇ,  ਔਰਤ ਕਿਓਂ  ਬਣ ਆਈ  ਹਾਂ ਹਾਂ,  ਇਹ  ਕੌੜੀਆਂ  ਬੇਲਾਂ  ਨੇ  .......। ਜ਼ਹਿਰ  ਹੀ  ਦਿਨ  ਹੈ,  ਜ਼ਹਿਰ  ਹੀ  ਰਾਤ੍ਰੀ ਹਰ ਪਲ  ਰਹਿੰਦੀਆਂ  ਜ਼ਹਿਰ  ਉਗਲਦੀਆਂ ਜ਼ਹਿਰ ਹੀ ਰੋਟੀ,  ਜ਼ਹਿਰ ਹੀ ਪਾਣੀ ਜ਼ਹਿਰੀ ਬੇਲਾਂ ਬਣ ਪਨਪਦੀਆਂ  ਹਾਂ,  ਇਹ  ਕੌੜੀਆਂ  ਬੇਲਾਂ  ਨੇ  .......।  ਜਨਮ ਇਨ੍ਹਾਂ  ਤੇ  ਸੋਗ  ਪੈ  ਜਾਂਦਾ ਕਿਸਨੇ ਢੋਲ ਵਜਾਏ ? ਕੋਈ ਨਾ ! ਕਿਸਮਤ ਵਾਲੀ ਹੋਵੇ, ਕਹਿਕੇ  ਮਾਂ  ਦੇ  ਹੌਂਸਲੇ  ਬਣਵਾਏ  ਹਾਂ,  ਇਹ  ਕੌੜੀਆਂ  ਬੇਲਾਂ  ਨੇ  .......।  ਕਿਸੇ  ਮਮਤਾ  ਰੁੱਖ  ਦੀ  ਛਾਂ  ਨਾ  ਪਾਈ ਆਸਰਾ  ਲੈ  ਕਿਸੇ  ਕੰਡਿਆਲੀ  ਥੋਅ  ਦਾ ਆਪੇ  ਹੀ  ਵਧਦੀ  ਆਈ ਪਾਣੀ  ਦਾਤਾ,  ਸੂਰਜ  ਵਿਧਾਤਾ ਬੀਜ  ਬੀਜੇ  ਸੀ  ਪੁੱਤਰਾਂ  ਦੇ ਧਰਤੀ  ਮਾਂ  ਕੁੱਖੋਂ  ਆਪੇ  ਹੀ  ਫੁੱਟ  ਆਈਆਂ ਹਾਂ,  ਇਹ  ਕੌੜੀਆਂ  ਬੇਲਾਂ  ਨੇ  .......।                                                    ਬਲਜਿੰਦਰ  ਗਿੱਲ     

ਆਪਣਾਂ ਖੂਨ

ਆਪਣਾਂ  ਖੂਨ    ਮੇਰੀ  ਮਾਂ  ਦੇ  ਜਾਏ  ਦੀਆਂ ਮੈਂ  ਲਵਾਂ  ਬਲਾਵਾਂ ਬਚਪਨ   ਗੋਦੀ  ਚੁਕਿਆ ਮੈਂ  ਕਿਵੇਂ  ਭੁਲਾਵਾਂ ਛੂਹ  ਛਲੀਕਾ   ਖੇਡਦਿਆਂ ਮੈਂ  ਫੱਟ ਫੜਿਆ  ਜਾਣਾ ਚੁੱਕ  ਚੁੱਕ  ਕੇ  ਭੱਜਦਿਆਂ ਢਾਕਾਂ  ਦੁੱਖ  ਜਾਣਾ  ਪਤਾ  ਨਹੀਂ  ਕਦੋਂ  ਉਹ  ਇਨਾਂ  ਵੱਡਾ  ਹੋ  ਗਿਆ ਰਿਸਤੇ  ਨਿਵਾਂਦਾ  ਜਾਂ  ਅੱਕ  ਜਾਂਦਾ ਕਿਸੇ  ਭੀੜ  ਵਿੱਚ  ਖੋ  ਗਿਆ ਅੱਜ  ਵੀ  ਮੇਰਾ  ਲਹੂ  ਹੈ  ਛੱਲਾਂ  ਮਾਰਦਾ ਦੂਰ  ਦਿਲਾਂ  ਦੀ  ਗੱਲ  ਨੂੰ  ਟਾਲਦਾ ਅੱਜ  ਵੀ  ਮਾਂ  ਦੇ  ਗਰਭ  ਦੀ  ਸਾਂਝ  ਹੈ ਜਾਂ  ਜਾਗਦੀ  ਕੋਈ  ਤਿਉ  ਦੀ  ਅਵਾਜ਼  ਹੈ ਤਾਂ  ਹੀ  ਦਿਲ  ਫਾਸਲੇ  ਤੋੜਨਾ  ਚਾਹੁੰਦਾ ਫਿਰ  ਉਸੇ  ਠਹਰਾਵ  ਤੇ  ਮੈਨੂੰ  ਮੋੜਨਾ  ਚਾਹੁੰਦਾ ਅੱਜ  ਫਿਰ  ਮਾਂ  ਜਾਏ  ਨੇ  ਬੁਲਾਇਆ ਦੇਰ  ਨਾਲ  ਹੀ  ਸਹੀ  ਚਲੋ  ਚੇਤਾ  ਤਾਂ  ਆਇਆ ਮੈਨੂੰ  ਪਤਾ  ਪਿਆਰ  ਤਾਂ  ਹੈ ਪਰ  ਮਮਤਾ,  ਮਾਇਆ  ਹੈ  ਬਣ  ਗਈ ਜਣੇ  ਖਣੇ  ਨੂੰ  ਹੈ  ਇਹ  ਠੱਗਣੀ  ਠੱਗ   ਗਈ    ਨਵੇਂ  ਰਿਸ਼ਤਿਆਂ ਪੁਰਾਣਿਆਂ ਦੀ  ਜਗ੍ਹਾ  ਹੈ  ਲੈ  ਲਈ ਇਹੀ  ਜਾਣ  ਕੇ  ਮੈਂ   ਬੇਰੁਖੀ  ਸਹਿ  ਲਈ ਇਹ  ਦੁਨੀਆਦਾਰੀ  ਹੈ  ਸਭ  ਨੇ  ਨਿਭਾਣੀ ਕਦੇ  ਬੈਠ  ਪੁੱਛੇ  ਜੇ,  ਮੈਂ   ਮੁੜ  ਸੁਣਾਨੀ ਖੂਨ  ਖੂਨ  ਹੀ  ਹੁੰਦਾ  ਹੈ ਨਾ  ਬਣਦਾ  ਪਾਣੀ ਜਦ  ਕਦੇ  ਵੀ  ਖੂਨ  ਮੇਰੇ ਆਵਾਜ਼  ਲਗਾਏਂਗਾ ਮੁੜ  ਕੇ  ਵੇਖ  ਲਈਂ ਆਸੇ  ਪਾਸੇ  ਹੀ  ਪਾਏਂਗਾ