ਆਪਣਾਂ ਖੂਨ

ਆਪਣਾਂ  ਖੂਨ  

ਮੇਰੀ  ਮਾਂ  ਦੇ  ਜਾਏ  ਦੀਆਂ
ਮੈਂ  ਲਵਾਂ  ਬਲਾਵਾਂ
ਬਚਪਨ   ਗੋਦੀ  ਚੁਕਿਆ
ਮੈਂ  ਕਿਵੇਂ  ਭੁਲਾਵਾਂ

ਛੂਹ  ਛਲੀਕਾ   ਖੇਡਦਿਆਂ
ਮੈਂ  ਫੱਟ ਫੜਿਆ  ਜਾਣਾ
ਚੁੱਕ  ਚੁੱਕ  ਕੇ  ਭੱਜਦਿਆਂ
ਢਾਕਾਂ  ਦੁੱਖ  ਜਾਣਾ 

ਪਤਾ  ਨਹੀਂ  ਕਦੋਂ  ਉਹ 
ਇਨਾਂ  ਵੱਡਾ  ਹੋ  ਗਿਆ
ਰਿਸਤੇ  ਨਿਵਾਂਦਾ  ਜਾਂ  ਅੱਕ  ਜਾਂਦਾ
ਕਿਸੇ  ਭੀੜ  ਵਿੱਚ  ਖੋ  ਗਿਆ

ਅੱਜ  ਵੀ  ਮੇਰਾ  ਲਹੂ  ਹੈ  ਛੱਲਾਂ  ਮਾਰਦਾ
ਦੂਰ  ਦਿਲਾਂ  ਦੀ  ਗੱਲ  ਨੂੰ  ਟਾਲਦਾ
ਅੱਜ  ਵੀ  ਮਾਂ  ਦੇ  ਗਰਭ  ਦੀ  ਸਾਂਝ  ਹੈ
ਜਾਂ  ਜਾਗਦੀ  ਕੋਈ  ਤਿਉ  ਦੀ  ਅਵਾਜ਼  ਹੈ

ਤਾਂ  ਹੀ  ਦਿਲ  ਫਾਸਲੇ  ਤੋੜਨਾ  ਚਾਹੁੰਦਾ
ਫਿਰ  ਉਸੇ  ਠਹਰਾਵ  ਤੇ  ਮੈਨੂੰ  ਮੋੜਨਾ  ਚਾਹੁੰਦਾ
ਅੱਜ  ਫਿਰ  ਮਾਂ  ਜਾਏ  ਨੇ  ਬੁਲਾਇਆ
ਦੇਰ  ਨਾਲ  ਹੀ  ਸਹੀ  ਚਲੋ  ਚੇਤਾ  ਤਾਂ  ਆਇਆ

ਮੈਨੂੰ  ਪਤਾ  ਪਿਆਰ  ਤਾਂ  ਹੈ
ਪਰ  ਮਮਤਾ,  ਮਾਇਆ  ਹੈ  ਬਣ  ਗਈ
ਜਣੇ  ਖਣੇ  ਨੂੰ 
ਹੈ  ਇਹ  ਠੱਗਣੀ  ਠੱਗ   ਗਈ
  
ਨਵੇਂ  ਰਿਸ਼ਤਿਆਂ ਪੁਰਾਣਿਆਂ
ਦੀ  ਜਗ੍ਹਾ  ਹੈ  ਲੈ  ਲਈ
ਇਹੀ  ਜਾਣ  ਕੇ 
ਮੈਂ   ਬੇਰੁਖੀ  ਸਹਿ  ਲਈ

ਇਹ  ਦੁਨੀਆਦਾਰੀ  ਹੈ  ਸਭ  ਨੇ  ਨਿਭਾਣੀ
ਕਦੇ  ਬੈਠ  ਪੁੱਛੇ  ਜੇ,  ਮੈਂ   ਮੁੜ  ਸੁਣਾਨੀ
ਖੂਨ  ਖੂਨ  ਹੀ  ਹੁੰਦਾ  ਹੈ
ਨਾ  ਬਣਦਾ  ਪਾਣੀ

ਜਦ  ਕਦੇ  ਵੀ  ਖੂਨ  ਮੇਰੇ
ਆਵਾਜ਼  ਲਗਾਏਂਗਾ
ਮੁੜ  ਕੇ  ਵੇਖ  ਲਈਂ
ਆਸੇ  ਪਾਸੇ  ਹੀ  ਪਾਏਂਗਾ

                                   ਬਲਜਿੰਦਰ  ਗਿੱਲ





Comments

Popular posts from this blog

ਰੁੱਖ ਬਾਬਲ

ਤਸਵੀਰ

ਕੌੜੀ ਬੇਲ