ਬਾਬਲ ਦੀ ਜੂਹ

              ਬਾਬਲ ਦੀ ਜੂਹ
ਬੜੇ ਚਿਰਾਂ ਤੋਂ ਬਾਅਦ, ਗਏ ਪੈਰ ਬਾਬਲ ਦੀ ਜੂਹੇ ,
ਝਾੜ ਕੇ ਧੂਲ ਖੋਲ੍ਹੇ ਬੰਦ ਯਾਦਾਂ ਦੇ ਬੂਹੇ।
ਇਹ ਘਰ ਨਹੀਂ ਸਿਰਫ ਇਟਾਂ ਮਿੱਟੀ ਰੇਤ ਦਾ,
ਅੱਜ ਮੁੜ ਫਿਰ ਦੇਖਿਆ ਬਚਪਨ ਆਪਣਾ,
ਸਰਦੀ ਦੀ ਧੁੱਪ ਨੂੰ ਸੇਕਦਾ।

ਕਿੰਨੀਆਂ ਹੀ ਖੇਲਾਂ ਦੌੜਾਂ , ਬਚਪਨ ਨੇ ਲਾਈਆਂ ,
ਇੱਥੇ ਹੀ ਪੰਖ ਅਰਮਾਨਾਂ , ਅੰਬਰੀ ਉਡਾਰੀਆਂ ਲਾਈਆਂ।
ਇੱਥੇ ਹੀ ਵਧੇ ਫੁੱਲੇ, ਸਭ ਮਾਂ ਦੇ ਜਾਏ ,
ਹਾਂ ਵੱਧ ਕੇ ਸਭ ਨੇ ਅੱਡ ਆਲ੍ਹਣੇ ਪਾਏ।

ਬਾਹਰੋਂ ਦੇਖਾਂ ਤਾਂ ਰੰਗ ਫਿੱਕਾ ਜਿਹਾ ਪੈ ਗਿਆ ,
ਜਿਵੇਂ ਹੌਲੀ ਜਿਹੀ ਕੋਈ ਮੇਰੇ ਕੰਨੀ ਕਹਿ ਗਿਆ।
ਮਨੁੱਖ ਤੇ ਮਕਾਨ ਤਾ ਇੱਕੱਠੇ ਹੀ ਪੁਰਾਣੇ ਹੁੰਦੇ ਨੇ ,
ਜੋਬਨ ਦੇ ਰੰਗ ਤਾਂ ਕੁਝ ਦੇਰ ਹੀ ਹੰਢਾਣੇ ਹੁੰਦੇ ਨੇਂ।

ਹੁਣ ਲੋਕ ਘਰ ਨਹੀਂ , ਮਕਾਨ ਬਣਾਂਦੇ ਨੇ।
ਲਾ ਕੇ ਮਾਰਬਲ ਤੇ ਟਾਈਲਾਂ , ਜਿਸਨੂੰ ਸਜਾਂਦੇ ਨੇ।
ਇਕ ਚੀਜ਼ ਮੁਹੱਬਤ , ਭੁੱਲ ਜਾਂਦੇ ਨੇ ਲਾਉਣਾ।
ਜਿਸਨੇ ਇਮਾਰਤ ਨੂੰ ਹੈ , ਆਸ਼ਿਆਨਾ ਬਨਾਉਣਾ।

ਹੁਣ ਤਾਂ ਘਰਾਂ ਦੀਆਂ ਨਾ ਯਾਦਾਂ ਬਣ ਪਾਵਣ ,
ਰੈਨੋਵੇਸ਼ਨ ਕਰਾ ਕੇ ਅਕਸਰ ਰੂਪ ਬਦਲਾਵਣ।
ਕਿੱਥੇ ਹੁਣ ਕੋਈ ਨਲਕਾ ਕਹਿੰਦਾ ਹੈ ਕਹਾਣੀ ?
ਮੋਟਰਾਂ ਲਗਾ ਕੇ ਹਰ ਕੋਈ ਭਰੇ ਟੰਕੀਆਂ ਵਿਚ ਪਾਣੀ।

ਅੱਜ ਵੀ ਬਚਪਨ ਦੀ ਗਲੀ ਜਦ ਮਨ ਗੁਜ਼ਰਦਾ ,
ਉਹ ਸਾਰੀਆਂ ਨਿੱਕੀਆਂ ਯਾਦਾਂ ਨਾ ਵਿਸਰਦਾ।
ਅੱਜ ਫੇਰ ਬਚਪਨ ਨੂੰ ਆਵਾਜ਼ ਦੇ ਬੁਲਾਵਾਂ,
ਚਿਰੀਂ ਬੀਤੇ ਅਤੀਤ ਨੂੰ ਮੈਂ ਕਿੰਝ ਭੁਲਾਵਾਂ ?

ਇਸ ਜੂਹ ਵਿਚ ਜਾ , ਜਾਣੇ ਕੀ ਹੋ ਗਿਆ ,
ਗੁੰਮ ਚੁੱਕਿਆ ਹਰ ਅਹਿਸਾਸ, ਆ ਅੱਗੇ ਖਲੋ ਗਿਆ।

                                     ਬਲਜਿੰਦਰ ਗਿੱਲ 

  

Comments

Popular posts from this blog

ਰੁੱਖ ਬਾਬਲ

ਤਸਵੀਰ

ਕੌੜੀ ਬੇਲ