ਸਵੇਰਾ

                                                           ਸਵੇਰਾ

ਇਕ   ਦਿਨ ਸੁਬਹ ਖਿਲੀ ਖਿਲੀ 
ਸਹਿਜ ਸੁਭਾਅ ਹੀ ਮੈਨੂੰ ਮਿਲੀ 
ਮਿੱਠੇ ਜਿਹੇ ਹਾਵ ਭਾਵ ਸੀ 
ਸ਼ਾਂਤ ਮੁੱਖ ਤੇ ਖੁਸ਼ੀ ਦੀ ਤਾਬ ਸੀ। 

ਮੈਂ ਖੁਸ਼ੀ ਦਾ ਕਾਰਨ ਪੁੱਛਿਆ 
ਉਸ ਪਹਿਲਾਂ ਹੀ ਸਵਾਲ ਮੇਰਾ ਬੁਝਿਆ। 
ਕਹੇ ਨਵੀਂ ਸਵੇਰ ਤਾਂ ਨਵੇਂ ਜਾਏ ਵਰਗੀ ਹੁੰਦੀ ਹੈ 
ਤੇ ਆਪਣੀ ਹੀ ਧੁਨ ਵਿਚ ਸਮਾਈ ਹੁੰਦੀ ਹੈ। 

ਇਹ ਦਿਨ ਵਿਚ ਜਦ ਲੀਨ ਹੋ ਜਾਵੇ 
ਮਾਸੂਮੀਅਤ ਤੋਂ ਹੀਨ ਹੋ ਜਾਵੇ 
ਗਰਮੀ ਦੀ ਦੁਪਹਿਰ ਹੈ ਕਿਸਨੂੰ ਭਾਂਦੀ   
ਬੇਲਗਾਮ ਜਵਾਨੀ ਨਾ ਕੁੱਝ ਵੀ ਸਹਾਂਦੀ।  

ਇਹ ਤਪਦੀ ਦੁਪਹਿਰ ਆਖ਼ਿਰ ਢਲ ਜਾਵੇ 
ਜ਼ਿੰਦਗੀ ਵੀ ਪਹਿਲੀ ਰਫਤਾਰ ਤੇ ਨਾ ਚੱਲ ਪਾਵੇ 
ਪਰ ਦੁਪਹਿਰ ਦੀ ਤਪਸ਼ ਅਜੇ ਵੀ ਹੈ ਬਾਕੀ 
ਕਈ ਬਾਕੀ ਨੇ ਖਵਾਹਿਸ਼ਾਂ ਐ ਵਕਤ ਦੇ ਸਾਕੀ। 

ਪਲ ਪਲ ਜਿਉਂਦੇ ਫਿਰ ਸ਼ਾਮਾਂ ਪੈ ਜਾਣ 
ਜਿੰਦਗੀ ਤੇ ਸ਼ਾਮ ਕੁੱਝ ਸੁਨਣ ਸੁਨਾਣ 
ਇੰਨੀ ਜਲਦੀ ਕਿਉਂ ਦਿਨ ਢਲ ਗਿਆ 
ਉਮਰਾਂ ਦਾ ਬਾਲਣ ਇਕ ਦਮ ਹੀ ਬਲ  ਗਿਆ। 

ਕਿਉਂ ਲੰਮੇ ਹੁੰਦੇ ਜਾਂਦੇ ਨੇ ਸਾਏ 
ਇਕ ਦਿਨ ਵਿਚ ਹੀ ਜਿਓਣ ਮਰਨ ਸਮਾਏ 
ਕਾਲੀ ਇਹ ਰਾਤ ਫਿਰ ਪਸਰ ਜਾਊਗੀ 
ਢਲਦੇ ਸਾਇਆਂ ਤੋਂ ਅਲਵਿਦਾ ਕਹਾਊਗੀ। 

ਪਰ ਸਵੇਰ ਹੁੰਦੀ ਹੈ ਹਰ ਇਕ ਰਾਤ ਦੀ 
ਆਸ ਹਰ ਕਿਸੇ ਲਈ ਇਕ ਪਰਭਾਤ ਦੀ
 ਨਿਰਾਸ਼ਾ ਨੇ ਮਰਨਾ ਤੇ ਮੁੜ  ਆਸ ਨੇ ਜੰਮਣਾ 
ਆਵਾ ਗਮਨ ਤਾਂ ਸਦਾ ਇੰਜ ਹੀ ਚਲਣਾ। 

ਹਰ ਮਨ ਰੁੱਝ ਜਾਏ ਇਸ ਇਕ ਪਲ ਵਿਚ 
ਇਸ ਪਲ ਦੀ ਖੁਸ਼ੀ ਮਨਾਂਦੀ ਹਾਂ 
ਨਿਰਾਸ਼ਾ ਦੇ ਅੰਧੇਰੇ ਤੇ ਰੱਖ ਆਸ ਦਾ ਦੀਪਕ 
ਜੀਵਨ ਜੋਤ ਜਗਾਂਦੀ ਹਾਂ। 

ਤਦੇ ਹੀ ਸੁਬਹ ਕਹਿਲਾਂਦੀ ਹਾਂ 
ਇਸੇ ਲਈ ਮੁਸਕਾਂਦੀ ਹਾਂ। 

ਤਦੇ ਹੀ ਸੁਬਹ ਕਹਿਲਾਂਦੀ ਹਾਂ। 

                             -ਬਲਜਿੰਦਰ ਗਿੱਲ 


Comments

Popular posts from this blog

ਰੁੱਖ ਬਾਬਲ

ਤਸਵੀਰ

ਕੌੜੀ ਬੇਲ