ਮਾਂ ਅਵੱਲੀ

                       ਮਾਂ ਅਵੱਲੀ 

ਪੰਜਾਹ ਵਰਿਆਂ ਦੀ ਹੋ ਕੇ ਸਜਣਾ 
ਮੈਂ ਮੁੜ ਮਾਂ ਬਣਨਾ ਚਾਹਾਂ 
ਅਲੱਗ ਤਰਾਂ ਦੇ ਬਾਲ ਨੇ ਮੇਰੇ 
ਅੱਡਰੀ  ਹੀ  ਮੈਂ  ਮਾਂ। 

ਖ਼ਾਬਾਂ ਦੇ ਮੈਂ ਬੀਜ ਉਗਾਏ 
ਪਾਨੀ ਖਿਆਲਾਂ ਦਾ ਲਾ 
ਉਗੇ ਗੀਤ ਮੇਰੇ ਬਾਲਾਂ ਵਰਗੇ 
ਚੜ੍ਹਿਆ ਨਵੇਲੀ ਮਾਂ ਦਾ ਚਾਅ। 

ਨਵੇਂ ਜੰਮੇਂ ਇਹ ਜਾਏ ਮੇਰੇ 
ਰੱਖਦੇ ਨਿਤ ਮੈਨੂੰ ਰੁਝਾ 
ਕੋਈ ਅੰਦਰ ਲੁਕਿਆ ਕੋਈ ਕਿਧਰੇ ਛਿਪਿਆ 
ਸੋਚਾਂ ਨਵੀਆਂ ਜਾਣ ਸੁਝਾ 

ਨੌਂ ਮਹੀਨਿਆਂ ਦਾ ਇੰਤਜ਼ਾਰ ਨਹੀਂ 
ਜਦ ਦਿਲ ਕਰਦਾ ਇਹ ਪੁੰਗਰ ਜਾਂਦੇ ਨੇਂ 
ਕਦੇ ਨੀਂਦ ਜਦ ਮੈਨੂੰ ਆਵੇ ਦਸਤਕ ਦੇ 
ਮਨ ਦੀ ਖਿੜਕੀ ਤੇ ਦੇਰ ਰਾਤ ਤਕ ਜਗਾਂਦੇ ਨੇਂ। 

ਕਈ ਤਰਾਂ ਦੇ ਰੰਗ ਇਨ੍ਹਾਂ ਦੇ 
ਕਈ ਰੰਗਾਂ ਦੇ ਰੂਪ। 
ਭਾਂਤ ਭਾਂਤ  ਦੇ ਫੁੱਲਾਂ ਵਾਂਗੂੰ 
ਅੱਡਰਾ ਹੀ ਪਾਉਣ ਸਰੂਪ।

ਇਹ ਮੇਰੇ ਜਾਇਆਂ ਵਾਂਗ ਹੀ ਮੈਨੂੰ ਮੱਤ ਦੇਣ 
ਗ਼ਲਤ ਕੀ ਹੈ ਕੀ ਹੈ ਸਹੀ 
ਇੰਞ ਕਿਉਂ ਕੀਤਾ ਇੰਞ ਕਿਓਂ ਨਾ ਕੀਤਾ 
ਬਿਨਾਂ ਪੁੱਛੇ ਹੀ ਸੁਮੱਤ ਦੇਣ। 

ਇਹ ਮੇਰੇ ਜਾਇਆਂ ਦਾ ਕੋਈ ਲਿੰਗ ਮਾਦਾ ਜਾਂ ਨਰ ਨਹੀਂ 
ਸੋ  ਮੈਨੂੰ ਭਰੂਣ ਹੱਤਿਆ ਦਾ ਵੀ ਡਰ ਨਹੀਂ 
ਫਿਰ ਵੀ ਇਹ ਅੱਧੇ ਅਧੂਰੇ ਬਾਲਕ ਬੁਲਾਂਦੇ ਨੇ 
ਕਦ  ਪੂਰਾ ਕਰੇਂਗੀ ? ਆਵਾਜ਼ ਲਗਾਂਦੇ ਨੇ। 

ਮੇਰੇ ਅਪਨੇ ਬੱਚੇ ਅੱਜ ਚਾਹੇ ਮੈਥੋਂ ਦੂਰ ਨੇ 
ਰੋਜ਼ੀ ਦੇ ਚੱਕਰਾਂ ਵਿਚ ਮਸਤ ਅਪਣੀ 
ਦੁਨੀਆਂ ਬਸਾ ਕੇ ਲੰਮੇ
 ਫਾਸਲਿਆਂ ਤੋਂ ਮਜਬੂਰ ਨੇ। 

ਇਨ੍ਹਾਂ ਗੀਤਾਂ ਨੇ ਰੌਣਕ ਮੇਰੇ ਮਨ ਲਾ ਦਿਤੀ 
ਮਿੱਠੇ ਬੋਲਾਂ ਨੇ ਮਿਸ਼ਰੀ ਘੋਲੀ 
ਇਨ੍ਹਾਂ ਅੱਖਰਾਂ ਨੇ ਮਿਲ ਜੁਲ ਕੇ 
ਸੁੰਨੀ ਦੁਨੀਆਂ ਮੇਰੀ ਮਹਿਕਾ ਦਿਤੀ। 

ਜ਼ਿੰਦਗੀ ਪੰਜਾਹ ਵਰਿਆਂ ਤੋਂ ਸ਼ੁਰੂ ਹੁੰਦੀ ਹੈ 
ਜਦ ਕਾਫੀ ਫਿਕਰਾਂ ਤੋਂ ਸੁਰਖੁਰੂ ਹੁੰਦੀ ਹੈ 
ਹੁਣੇ ਹੀ ਤਾਂ ਸਿੱਖਿਆ ਮੈਂ ਕਲਮ ਚਲਾਣਾ 
ਅੱਖਰਾਂ ਨੂੰ ਸ਼ਬਦ ਬਣਾ ਕੇ ਕਵਿਤਾ ਵਿਚ ਹੰਢਾਣਾ। 
                                                                   
                                        -ਬਲਜਿੰਦਰ ਗਿੱਲ 






Comments

Popular posts from this blog

ਰੁੱਖ ਬਾਬਲ

ਤਸਵੀਰ

ਕੌੜੀ ਬੇਲ