ਤਸਵੀਰ

              ਤਸਵੀਰ 
                          

ਬੜੇ ਚਿਰਾਂ ਤੋਂ ਦੀਵਾਰ ਤੇ ਲਟਕੀ 
ਰੋਜ਼ ਕਮਰੇ ਦੀ ਹਰ ਸ਼ਯ ਨੂੰ ਤੱਕਦੀ 
ਕਿਸੇ ਬੀਤੇ ਜੋਬਨ ਦਾ ਨਿਸ਼ਾਨ ਹਾਂ 
ਕੋਈ ਮਾਸੂਮ ਹੁਸਨ ਦੀ ਪਹਿਚਾਨ ਹਾਂ। 

ਰਾਤੀਂ ਵਿਚ ਖਾਮੋਸ਼ੀ ਜਦ ਸਬ  ਸੌਂ ਜਾਵਣ 
ਸ਼ੀਸ਼ੇ ਤੋਂ ਬਾਹਰ ਚੱਲ ਕਹਿ ਮੇਰੇ ਖ਼ਿਆਲ ਬੁਲਾਵਨ 
ਇਕ ਚੇਹਰਾ ਦੇਖਾਂ ਮੇਰੇ ਨਾਲ ਮਿਲਦਾ ਜੁਲਦਾ 
ਕਿਓਂ ਮੱਥੇ ਸਿਲਵਟਾਂ ਪਾ ਰਹੇ ਹਿੱਲਦਾ ਡੁਲ੍ਹਦਾ ?

ਉਠਾ ਨਰਮ ਜਿਹਾ ਹੱਥ 
ਮੈਂ ਮੱਥੇ ਨੂੰ ਛੁਹਾਵਾਂ 
ਇਹ ਸੂਰਤ ਤਾਂ ਮੇਰੀ ਹੀ ਲੱਗੇਗੀ 
ਅਣਚਾਹੀਆਂ ਕੁਝ ਲਕੀਰਾਂ ਜੇ ਮੈਂ ਮਿਟਾਵਾਂ। 

ਇਹ ਇਰਾਦਾ ਮੇਰਾ ਕਿੰਞ ਵਕਤ ਨੇ ਭਾਂਪਿਆ 
ਡੱਕ ਹੱਥ ਮੇਰਾ ਉਸ ਮੈਨੂੰ ਡਾਂਟਿਆ 
ਮੇਰੀਆਂ ਉਕਰੀਆਂ ਲਕੀਰਾਂ ਕੋਈ ਮਿਟਾ ਨਹੀਂ ਸਕਦਾ 
ਇਹ ਤਾਂ ਕੁਦਰਤ ਦਾ ਕਾਨੂੰਨ ਹੈ 
ਮੇਰੇ ਖ਼ਿਲਾਫ਼ ਕੋਈ ਜਾ ਨਹੀਂ ਸਕਦਾ। 

ਮੁੜ ਜਾ ਅਪਣੀ ਦੀਵਾਰ ਤੇ ਤੂੰ ਉਥੇ ਹੀ ਜੱਚਦੀ 
ਤੈਨੂੰ ਕੀ  ਲਿਆਕਤ ਜ਼ਿੰਦਗੀ ਕਿਵੇਂ ਹੈ ਕਟਦੀ
ਕਿੰਨੇ ਹੀ ਕੌੜੇ ਮਿੱਠੇ ਵਾਕਿਆਂ ਦਾ ਇਨਾਮ ਹੈ 
ਇਹ ਚੇਹਰੇ ਦੀਆਂ ਲਕੀਰਾਂ ਤਜਰਬਿਆਂ ਦੀ ਪਹਿਚਾਨ ਹੈ। 

ਤੂੰ ਕੀ ਬਦਲਣਾ ਕੀ ਬਦਲਾਵ ਪਰਖਣਾ 
ਕਿਸੇ ਬੀਤੇ ਪਲ ਦੀ ਤਕਦੀਰ ਹੈਂ  
ਅਕਸ ਹੈਂ ਕੋਈ ਹਕੀਕਤ ਨਹੀਂ 
ਚੇਹਰੇ ਦੀ ਬਸ ਇਕ ਤਸਵੀਰ ਹੈਂ। 
                         ਬਸ ਇਕ ਤਸਵੀਰ ਹੈਂ। 
                                          
                                      -ਬਲਜਿੰਦਰ ਗਿੱਲ 


Comments

Popular posts from this blog

ਰੁੱਖ ਬਾਬਲ

ਕੌੜੀ ਬੇਲ