ਪਗਡੰਡੀ

ਚਲਦੇ ਚਲਦੇ ਥੱਕੇ ਪੈਰਾਂ ਨੇ ਰੁਕ ਕੇ
ਪੁੱਛਿਆ ਪਗਡੰਡੀ ਤੋਂ ਝੁੱਕ  ਕੇ ,
ਕਿਥੋਂ ਤੱਕ ਹੈਂ ਚਲਦੀ ਜਾਂਦੀ ? 
ਕੀ ਮੰਜ਼ਿਲ ਤੇ ਵੀ ਹੈਂ ਪਹੁੰਚਾਂਦੀ ?

ਕਹਿੰਦੀ ਮੰਜ਼ਿਲ ਤਾਂ ਮਨ ਦੀ ਅਵਸਥਾ ਹੈ ,
ਜੀਵਨ ਤਾਂ ਚਲਦੇ ਰਹਿਣ ਦੀ ਪ੍ਰਥਾ ਹੈ। 
ਅਣਗਿਣਤ ਪੰਥੀ ਇਸ ਪਥ ਤੇ ਚਲਦੇ ,
ਬੇਚੈਨ ਮਨ ਵਿਚ ਜਿਵੇਂ ਖਿਆਲ ਨੇ ਪਲਦੇ। 

ਮੰਜ਼ਿਲ ਦੀ ਸੋਚ ਜਦ ਮਨ ਦੀ ਭੱਠੀ ਵਿਚ ਬਲਦੀ ਹੈ ,
ਪਹਿਲਾ ਕਦਮ ਪੁੱਟਣ ਤੇ ਹੀ ਨਾਲ ਨਾਲ ਚਲਦੀ ਹੈ। 
ਹਰ ਛੋਟਾ ਯਤਨ  ਹਰ ਅਗਲਾ ਕਦਮ 
ਆਪਣੇ ਆਪ ਵਿਚ ਮੁਕੰਮਲ ਹੈ,
ਜੋ ਇਹ ਜਾਣ ਲੈਂਦਾ , ਹੋ ਜਾਂਦਾ  ਆਖਿਰ ਸਫਲ ਹੈ। 

ਪਗਡੰਡੀ ਹਾਂ ਵੱਖ ਵੱਖ ਪੱਗ ਪਰਖਦੀ ਹਾਂ ,
ਜਾਪਾਂ  ਇਥੇ ਹੀ ਪਈ ਪਰ ਪੰਥੀ ਦੇ ਨਾਲ ਚਲਦੀ ਹਾਂ।
ਕਦੇ ਮੰਜ਼ਿਲ ਨਜ਼ਰ ਪਾਸ ਪਈ ਆਵੇ, 
ਕਦੇ ਦੂਰ ਬਹੁਤ ਹੀ ਲੱਗਦੀ ਹੈ,
ਕਦਮ ਕਦਮ ਤੇ ਪਲ ਪਲ ਤੇ ਆਪਣੇ ਰੰਗ ਬਦਲਦੀ ਹੈ।

ਚਲਦੇ ਰਹੋ ਨਾ ਬੈਠੋ ਥੱਕ ਕੇ ਮੇਰਾ ਤਾਂ ਇਹ ਕਹਿਣਾ ਹੈ ,

ਮੰਜ਼ਿਲ ਆਪੇ ਹੀ ਆ ਜਾਏਗੀ, ਜ਼ਰੂਰੀ ਤਾਂ ਚਲਦੇ ਰਹਿਣਾ ਹੈ।
ਥੱਕ  ਕੇ ਬੈਠ ਜਾਂਦੇ ਨੇ ਜੋ ਮੰਜ਼ਿਲ ਇਕ ਕਦਮ ਦੂਰ ਹੁੰਦੀ ਹੈ ,
ਫਿਰ ਵੀ ਜੋ ਇਹ ਕਦਮ ਉਠਾ ਲੈ, ਮੰਜ਼ਿਲ ਉਸੇ ਦੀ ਹੁੰਦੀ ਹੈ। 
                                                         
                                             -ਬਲਜਿੰਦਰ ਗਿੱਲ  


























































































































































































Comments

Popular posts from this blog

ਰੁੱਖ ਬਾਬਲ

ਤਸਵੀਰ

ਕੌੜੀ ਬੇਲ