ਮਨ ਚੰਚਲ
ਕਹਿੰਦੇ ਤੀਵਰ ਗਤੀ ਦੀ ਗੱਲ ਜੇ ਕਰੀਏ
ਤਾਂ ਰੌਸ਼ਨੀ ਨੂੰ ਕੋਈ ਮਾਤ ਨਾਂ ਪਾਵੇ
ਮੈਂ ਆਖਾਂ ਮਨ ਚੰਚਲ ਅੱਗੇ
ਗਤੀ ਕਿਰਨਾਂ ਦੀ ਫਿੱਕੀ ਪੈ ਜਾਵੇ।
ਇੱਕ ਪਲ ਅੰਦਰ ਮੈਂ ਚਾਹਾਂ ਤਾਂ
ਧਰਤੀ ਦਾ ਚੱਕਰ ਲਾਵਾਂ
ਜੇ ਚਾਹਾਂ ਤਾ ਅਗਲੇ ਹੀ ਪਲ
ਜਾਕੇ ਚੰਦ੍ਰਮਾ ਤੇ ਬਹਿ ਜਾਵਾਂ।
ਸੂਰਜ ਚੁੱਕ ਲਵਾਂ ਹੱਥਾਂ ਤੇ
ਤਾਰੇ ਪੈਰਾਂ ਦੇ ਨੀਚੇ
ਸਿਆਲਾ ਕਰ ਦਵਾਂ ਮੈਂ ਨਿੱਗਾ
ਧੁੱਪ ਮੁੱਠੀਆਂ ਵਿੱਚ ਭੀਚੇ।
ਸ਼ੀਤਲ ਚਾਂਦਨੀ ਸਾਹਾਂ ਵਿੱਚ ਭਰ ਕੇ
ਤਪੀਆਂ ਰਾਤਾਂ ਨੂੰ ਠੰਡ ਵਰਤਾਵਾਂ
ਦਿਨ ਤਪਦੇ 'ਚ ਕੋਈ ਤਲੀ ਨਾ ਬਲ ਜਾਏ
ਧਰਤ ਤੇ ਓਸ ਦੀ ਚਾਦਰ ਵਿਛਾਵਾਂ।
ਖੁੱਲ੍ਹੇ ਅੰਬਰ ਬਣ ਆਸ ਦਾ ਪੰਛੀ
ਦੂਰ ਕੀਤੇ ਉੱਡ ਜਾਵਾਂ
ਪੰਖ ਥਕਣ ਤਾਂ ਕਿਸੇ ਅਰਸ਼ੀ ਰੁੱਖ ਤੇ
ਖਿਆਲਾਂ ਦਾ ਆਲ੍ਹਣਾ ਪਾਵਾਂ।
ਭੁੱਖ ਲਗੇ ਤਾਂ ਚੰਦ ਨੂੰ ਚੁੰਜ ਮਾਰਾਂ
ਪਿਆਸ ਲੱਗੇ ਤਾਂ ਪੀ ਜਾਵਾਂ ਓਸ
ਦੁੱਖ ਦਰਦ ਕੋਈ ਰਹੇ ਨਾ ਚੇਤੇ
ਨਾਂ ਕੋਈ ਖੋਣ ਪਾਉਣ ਦਾ ਅਫ਼ਸੋਸ।
ਮਨ ਚੰਚਲ ਨੂੰ ਰੋਕ ਨਾਂ ਕੋਈ
ਨਾਂ ਕੋਈ ਹੈ ਠਾਹ
ਕਿਨਾਂ ਉਡੇ ਕਿਨਾਂ ਡੁੱਬੇ
ਕਿਸ ਪਾਈ ਸਾਗਰ ਸੁਪਨੇ ਦੀ ਥਾਅ।
ਕਹਿੰਦੇ ਸਿਆਣੇ ਕਾਬੂ ਕਰ ਮਨ ਤੇ
ਕੱਸ ਇਸਦੀ ਲਗਾਮ !
ਮੈਂ ਕਹਾਂ ਨੀਰਸ ਹੋ ਜਾਵੇਗਾ
ਜੀਵਨ ਜਖ਼ਮਾਂ ਤੇ ਮਰਹਮ ਬਣ ਕੇ
ਮਨ ਹੀ ਦਿੰਦਾ ਅਰਾਮ।
ਮਨ ਹੀ ਦਿੰਦਾ ਅਰਾਮ।
-ਬਲਜਿੰਦਰ ਗਿੱਲ
Comments
Post a Comment